ਮਾਰਕਸ ਦਾ ਬੇਗਾਨਗੀ ਦਾ ਸਿਧਾਂਤ
ਲੜੀ ਦਾ ਹਿੱਸਾ |
ਮਾਰਕਸਵਾਦ |
---|
ਬੇਗਾਨਗੀ (ਜਰਮਨ: Entfremdung, ਅੰਗਰੇਜ਼ੀ: estrangement) ਕਾਰਲ ਮਾਰਕਸ ਦਾ ਵਿਯੋਗਤਾ ਦਾ ਸਿਧਾਂਤ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਉਹ ਚੀਜ਼ਾਂ ਜੁਦਾ ਜੁਦਾ ਹੋ ਜਾਂਦੀਆਂ ਹਨ ਜੋ ਕੁਦਰਤੀ ਤੌਰ ਤੇ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਮਾਰਕਸ ਲਈ ਮਨੁੱਖ ਦੀ ਮੁਕਤੀ ਦਾ ਸਵਾਲ ਦੋ ਤਰ੍ਹਾਂ ਖੜਾ ਹੁੰਦਾ ਹੈ। ਉਹ ਮਨੁੱਖ ਨੂੰ ਸਿਰਜਨਾਤਮਕ ਮਿਹਨਤ ਦਾ ਸਰੋਤ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਮਿਹਨਤ ਦੇ ਜਰੀਏ ਮਨੁੱਖ ਆਪਣੇ ਸਾਰ ਨੂੰ ਸਾਕਾਰ ਕਰਦਾ ਹੈ। ਨਾ ਸਿਰਫ ਇੰਨਾ ਸਗੋਂ ਮਿਹਨਤ ਦੇ ਜਰੀਏ ਉਹ ਆਪਣੇ ਸਰੀਰ ਦੇ ਅੰਗਾਂ ਦੀ ਕਿਰਤ ਕਰਨ ਦੀ ਸਮਰੱਥਾ ਨੂੰ ਸਮਝਦਾ ਅਤੇ ਉਨ੍ਹਾਂ ਦੀ ਵਰਤੋਂ ਨਾਲ ਇਸ ਦੁਨੀਆ ਨੂੰ ਆਪਣੇ ਰਹਿਣ ਲਾਇਕ ਬਣਾਉਂਦਾ ਹੈ। ਉਸਦਾ ਸਮੁੱਚਾ ਸਰੀਰ ਵੀ ਉਹਦੀ ਕਿਰਤ ਦੇ ਅਮਲ ਦਾ ਨਤੀਜਾ ਹੁੰਦਾ ਹੈ। ਕੁਦਰਤ ਮਨੁੱਖ ਦੇ ਬਾਹਰ ਹੀ ਨਹੀਂ ਹੁੰਦੀ ਸਗੋਂ ਉਸਦਾ ਸਰੀਰ ਵੀ ਕੁਦਰਤ ਦਾ ਅੰਗ ਹੁੰਦਾ ਹੈ। ਆਪਣੀ ਇੰਦਰੀਆਂ ਦੇ ਸਿਰਜਨਾਤਮਕ ਪ੍ਰਯੋਗ ਨਾਲ ਉਹ ਇਸ ਕੁਦਰਤ ਨੂੰ ਆਪਣੇ ਸੁੱਖ ਲਈ ਢਾਲਣਾ ਸਿੱਖਦਾ ਹੈ। ਇਸ ਲਈ ਮਿਹਨਤ ਮਨੁੱਖ ਲਈ ਸੁਖ ਦਾ ਸਰੋਤ ਹੁੰਦਾ ਹੈ ਅਤੇ ਉਹ ਇਸ ਵਿੱਚ ਆਨੰਦ ਅਨੁਭਵ ਕਰਦਾ ਹੈ। ਲੇਕਿਨ ਪੂੰਜੀਵਾਦ ਸਬੰਧੀ ਆਪਣੇ ਵਿਵੇਚਨ ਵਿੱਚ ਮਾਰਕਸ ਨੇ ਨੋਟ ਕੀਤਾ ਕਿ ਇਹ ਪ੍ਰਬੰਧ ਮਨੁੱਖ ਦੀ ਇਸ ਵਿਸ਼ੇਸ਼ਤਾ ਨੂੰ ਨਸ਼ਟ ਕਰ ਦਿੰਦਾ ਹੈ। ਮੁਕਤੀ ਸਬੰਧੀ ਉਸ ਦਾ ਪ੍ਰਵਚਨ ਗੁਲਾਮੀ ਦੇ ਠੋਸ ਸਰੂਪ ਦੀ ਪਛਾਣ ਕਰਦਾ ਹੈ। ਇਸ ਮਾਮਲੇ ਵਿੱਚ ਉਹ ਮਨੁੱਖ ਦੀ ਮੁਕਤੀ ਦੇ ਹੋਰ ਪ੍ਰਵਚਨਾਂ ਤੋਂ ਅੱਡਰਾ ਹੋ ਜਾਂਦਾ ਹੈ ਕਿਉਂਕਿ ਹੋਰ ਪ੍ਰਵਚਨ ਮਨੁੱਖ ਦੀ ਕੋਈ ਰਹੱਸਮਈ ਧਾਰਨਾ ਬਣਾ ਕੇ ਉਸਦੀ ਮੁਕਤੀ ਦਾ ਪ੍ਰਸ਼ਨ ਵੀ ਇਸੇ ਤਰ੍ਹਾਂ ਆਤਮਕ ਪੱਧਰ ਉੱਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।[1] ਮਨੁੱਖ ਦੀ ਮੁਕਤੀ ਸਬੰਧੀ ਮਾਰਕਸ ਦੇ ਚਿੰਤਨ ਵਿੱਚ ਜੁਦਾਈ/ਬੇਗਾਨਗੀ ਦੀ ਉਨ੍ਹਾਂ ਦੀ ਧਾਰਨਾ ਦਾ ਮਹੱਤਵਪੂਰਣ ਸਥਾਨ ਹੈ। ਮਾਰਕਸ ਨੂੰ ਪੂੰਜੀਵਾਦੀ ਸਮਾਜ ਮਨੁੱਖ ਵਿਰੋਧੀ ਨਜ਼ਰ ਆਉਂਦਾ ਹੈ। ਮਾਰਕਸ ਨੇ ਮਿਹਨਤ ਦੀ ਜੁਦਾਈ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਪੂੰਜੀਵਾਦ ਦੇ ਤਹਿਤ ਮਨੁੱਖ ਦਾ ਸਾਰ ਯਾਨੀ ਉਤਪਾਦਕ ਮਿਹਨਤ ਉਸਦੇ ਅਸਤਿਤਵ ਤੋਂ ਜੁਦਾ ਹੋ ਜਾਂਦੀ ਹੈ। ਮਾਰਕਸ ਦੇ ਅਨੁਸਾਰ ਮਨੁੱਖ ਸਾਰ ਵਜੋਂ ਉਤਪਾਦਕ ਪ੍ਰਾਣੀ ਹੈ। ਉਂਜ ਤਾਂ ਹੋਰ ਪ੍ਰਾਣੀ ਵੀ ਉਤਪਾਦਨ ਕਰਦੇ ਹਨ ਲੇਕਿਨ ਉਨ੍ਹਾਂ ਦੀ ਉਤਪਾਦਕ ਗਤੀਵਿਧੀ ਉਨ੍ਹਾਂ ਦੀਆਂ ਭੌਤਿਕ ਜਰੂਰਤਾਂ ਦੀ ਤਸੱਲੀ ਤੱਕ ਸੀਮਿਤ ਰਹਿੰਦੀ ਹੈ ਜਦੋਂ ਕਿ ਮਨੁੱਖ ਆਪਣੀ ਮਿਹਨਤ ਨਾਲ ਹੋਰ ਮਨੁੱਖਾਂ ਦੀਆਂ ਜਰੂਰਤਾਂ ਵੀ ਪੂਰੀਆਂ ਕਰਨ ਲਾਇਕ ਵਸਤਾਂ ਬਣਾਉਂਦਾ ਹੈ। ਦੂਜੀ ਗੱਲ ਇਹ ਕਿ ਹੋਰ ਪ੍ਰਾਣੀਆਂ ਦੀ ਮਿਹਨਤ ਬਹੁਤ ਹੱਦ ਤੱਕ ਗਿਆਨ-ਰਹਿਤ ਗਤੀਵਿਧੀ ਹੁੰਦੀ ਹੈ ਜਦੋਂ ਕਿ ਮਨੁੱਖ ਇਹ ਕੰਮ ਸੁਚੇਤ ਤੌਰ ਤੇ ਕਰਦਾ ਹੈ। ਛੱਤੇ ਬਣਾਉਣ ਵਿੱਚ ਸਭ ਤੋਂ ਜਿਆਦਾ ਮਾਹਰ ਮਧੂਮੱਖੀ ਨਾਲੋਂ ਸਭ ਤੋਂ ਖ਼ਰਾਬ ਰਾਜਗੀਰ ਨੂੰ ਜੋ ਚੀਜ ਜੁਦਾ ਕਰਦੀ ਹੈ ਉਹ ਇਹ ਕਿ ਰਾਜਗੀਰ ਕਿਸੇ ਵੀ ਭਵਨ ਦਾ ਉਸਾਰੀ ਸਭ ਤੋਂ ਪਹਿਲਾਂ ਆਪਣੇ ਦਿਮਾਗ ਵਿੱਚ ਕਰਦਾ ਹੈ। ਇਹੀ ਮਿਹਨਤ ਦਾ ਮਾਨਵੀ ਚਰਿੱਤਰ ਹੈ।
ਬੇਗਾਨਗੀ ਦੀਆਂ ਕਿਸਮਾਂ
[ਸੋਧੋ]1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ (1927) ਵਿੱਚ ਪੂੰਜੀਵਾਦੀ ਵਿਵਸਥਾ ਵਿੱਚ ਅਮਾਨਵੀ ਹਾਲਤਾਂ ਵਿੱਚ ਕਿਰਤ ਕਰਦਿਆਂ ਮਜਦੂਰ ਨਾਲ ਵਾਪਰਦੀ ਚਾਰ ਕਿਸਮ ਦੀ ਬੇਗਾਨਗੀ ਦੀ ਕਾਰਲ ਮਾਰਕਸ ਨੇ ਪਛਾਣ ਕੀਤੀ ਹੈ।[2]
- ਬੇਗਾਨਗੀ ਦੀਆਂ ਚਾਰ ਕਿਸਮਾਂ ਹਨ
- (I) ਮਜਦੂਰ ਦੀ ਆਪਣੇ ਕੰਮ ਤੋਂ — ਆਪਣੀ ਮਿਹਨਤ ਦੇ ਫਲ ਤੋਂ ਬੇਗਾਨਗੀ
ਪੂੰਜੀਵਾਦੀ ਵਿਵਸਥਾ ਵਿੱਚ ਉਸਨੂੰ ਅਮਾਨਵੀ ਹਾਲਤਾਂ ਵਿੱਚ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਜਿਸ ਚੀਜ਼ ਦਾ ਉਹ ਨਿਰਮਾਣ ਕਰਦਾ ਹੈ ਉਸ ਉੱਤੇ ਉਸਦੀ ਕੋਈ ਛਾਪ ਨਹੀਂ ਰਹਿ ਜਾਂਦੀ। ਉਹ ਆਪਣੀਆਂ ਹੀ ਬਣਾਈਆਂ ਹੋਈਆਂ ਚੀਜਾਂ ਤੋਂ ਜੁਦਾ ਕਰ ਦਿੱਤਾ ਜਾਂਦਾ ਹੈ। ਇਸ ਜੁਦਾਈ ਦਾ ਪਹਿਲਾ ਰੂਪ ਇਹ ਹੈ ਕਿ ਮਨੁੱਖ ਆਪਣੀ ਮਿਹਨਤ ਨਾਲ ਪੈਦਾ ਕੀਤੀ ਚੀਜ ਯਾਨੀ ਮਿਹਨਤ ਦੇ ਫਲ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਮਾਰਕਸ ਦੇ ਅਨੁਸਾਰ ਜਿਸ ਵੀ ਚੀਜ਼ ਦੇ ਅਸੀਂ ਆਪਣੇ ਆਸਪਾਸ ਦਰਸ਼ਨ ਕਰਦੇ ਹਾਂ ਉਹ ਮਨੁੱਖ ਦੀ ਮਿਹਨਤ ਦੇ ਜਰੀਏ ਉਸ ਰੂਪ ਵਿੱਚ ਆਈ ਹੁੰਦੀ ਹੈ। ਗੱਲ ਇਹ ਹੈ ਕਿ ਸੰਸਾਰ ਦੇ ਅਜਿਹਾ ਹੋਣ ਦੇ ਬਾਵਜੂਦ ਅਸੀਂ ਉਸਨੂੰ ਆਪਣੀ ਮਿਹਨਤ ਦਾ ਹੀ ਉਤਪਾਦ ਸਵੀਕਾਰ ਨਹੀਂ ਕਰਦੇ। ਇਸ ਤਰ੍ਹਾਂ ਅਸੀਂ ਆਪਣੀ ਹੀ ਬਣਾਈ ਦੁਨੀਆ ਵਿੱਚ ਅਜਨਬੀ ਦੀ ਤਰ੍ਹਾਂ ਰਹਿੰਦੇ ਹਾਂ। ਇਹ ਵਸਤਾਂ ਸਿਰਫ ਪਰਾਈਆਂ ਅਤੇ ਰਹੱਸ ਹੀ ਪ੍ਰਤੀਤ ਨਹੀਂ ਹੁੰਦੀਆਂ ਸਗੋਂ ਸਾਡੇ ਤੇ ਰਾਜ ਵੀ ਕਰਨ ਲੱਗਦੀਆਂ ਹਨ। ਮੰਨ ਲਓ ਅਸੀਂ ਕਹਿੰਦੇ ਹਾਂ ‘ਬਾਜ਼ਾਰ ਦੀਆਂ ਸ਼ਕਤੀਆਂ’ ਅਤੇ ਸਾਡੀ ਬਣਾਈ ਹੋਈ ਚੀਜ ਹੋਣ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਸਮਝਦੇ ਹਾਂ ਜਿਵੇਂ ਉਹ ਗੁਰੂਤਾਕਰਸ਼ਣ ਦੀ ਸ਼ਕਤੀ ਵਰਗੀ ਕੋਈ ਚੀਜ ਹੋਣ। ਇਸ ਤਰ੍ਹਾਂ ਬਾਜ਼ਾਰ ਸਾਡੇ ਤੇ ਹਕੂਮਤ ਕਰਨ ਲੱਗਦਾ ਹੈ। ਅਤੀਤ ਵਿੱਚ ਇਸ ਜੁਦਾਈ ਨੇ ਰੱਬ ਨੂੰ ਜਨਮ ਦਿੱਤਾ ਜੋ ਮਨੁੱਖ ਨਿਰਮਿਤ ਹੋਣ ਦੇ ਬਾਵਜੂਦ ਉਸ ਉੱਤੇ ਰਾਜ ਕਰਦਾ ਸੀ ਤਾਂ ਅੱਜ ਦੀ ਦੁਨੀਆ ਵਿੱਚ ਇਸ ਜੁਦਾਈ ਨੇ ਮਨੁੱਖ ਅਤੇ ਉਸਦੀ ਬਣਾਈ ਹੋਈ ਚੀਜ਼ ਦੇ ਵਿੱਚ ਇੱਕ ਵਿਚੋਲੇ ਨੂੰ ਜਨਮ ਦਿੱਤਾ ਹੈ ਜੋ ਮਨੁੱਖ ਦੀ ਸਮੁੱਚੀ ਸਮਾਜਕ ਸੱਤਾ ਨੂੰ ਨਾ ਸਿਰਫ ਹਰ ਲੈਂਦਾ ਹੈ ਸਗੋਂ ਉਸਦੀ ਤਰਜਮਾਨੀ ਕਰਨ ਲੱਗਦਾ ਹੈ। ਮਨੁੱਖਾਂ ਦੇ ਅਸਮਾਜਿਕ ਸਬੰਧਾਂ ਦੇ ਵਿਚੋਲੇ ਵਜੋਂ ਉਸਨੇ ਪੂੰਜੀ ਨੂੰ ਜਨਮ ਦਿੱਤਾ ਹੈ ਜੋ ਮਨੁੱਖ ਨਿਰਮਿਤ ਹੋਣ ਦੇ ਬਾਵਜੂਦ ਉਸ ਉੱਤੇ ਰੱਬ ਦੀ ਤਰ੍ਹਾਂ ਹੀ ਹਕੂਮਤ ਕਰਦੀ ਹੈ।
- (II) ਮਜਦੂਰ ਦੀ ਕਿਰਤ ਦੇ ਅਮਲ ਤੋਂ — ਉਤਪਾਦਨ ਦੇ ਅਮਲ ਤੋਂ ਬੇਗਾਨਗੀ
ਪੂੰਜੀਵਾਦੀ ਸਮਾਜਕ ਵਿਵਸਥਾ ਵਿੱਚ ਮਨੁੱਖ ਉੱਪਰੋਂ ਤਾਂ ਆਜ਼ਾਦ ਵਿਖਾਈ ਪੈਂਦਾ ਹੈ ਲੇਕਿਨ ਅਸਲ ਵਿੱਚ ਉਹ ਨਵੇਂ ਕਿਸਮ ਦੀ ਗੁਲਾਮੀ ਦਾ ਸ਼ਿਕਾਰ ਹੋ ਜਾਂਦਾ ਹੈ। ਉਦਾਹਰਣ ਲਈ ਮਨੁੱਖ ਲਈ ਮਿਹਨਤ ਬੰਧਨ ਨਹੀਂ ਸਗੋਂ ਆਪਣੀ ਇੱਛਾ ਦਾ ਪ੍ਰਸ਼ਨ ਹੋਣਾ ਚਾਹੀਦੀ ਹੈ ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਢਿੱਡ ਭਰਨ ਲਈ ਮਿਹਨਤ ਵੇਚਣਾ ਪੂੰਜੀਵਾਦੀ ਵਿਵਸਥਾ ਵਿੱਚ ਤੁਹਾਡਾ ਅਖਤਿਆਰ ਨਹੀਂ ਮਜਬੂਰੀ ਬਣ ਜਾਂਦਾ ਹੈ। ਮਿਹਨਤ ਦੀ ਜਿਸ ਪ੍ਰਕਿਰਿਆ ਵਿੱਚ ਪਹਿਲਾਂ ਤਕਰੀਬਨ ਸਾਰੇ ਮਨੁੱਖ ਮਿਹਨਤ ਦੇ ਔਜਾਰਾਂ ਦਾ ਆਪਣੀ ਮਰਜ਼ੀ ਦੇ ਮੁਤਾਬਕ ਪ੍ਰਯੋਗ ਕਰਦੇ ਸਨ, ਹੁਣ ਉਹ ਔਜਾਰ ਦੇ ਚਾਲਕ ਨਹੀਂ ਰਹਿ ਜਾਂਦੇ ਸਗੋਂ ਮਸ਼ੀਨ ਹੀ ਇੱਕ ਹੱਦ ਤੱਕ ਉਨ੍ਹਾਂ ਨੂੰ ਚਲਾਣ ਲੱਗਦੀ ਹੈ। ਸ਼ੁਰੂ ਵਿੱਚ ਸ਼ਹਿਰਾਂ ਦੇ ਕਿਰਤੀਆਂ ਦੇ ਗਿਲਡ ਵਿੱਚ ਫਿਰ ਵੀ ਸਾਰੇ ਲਗਪਗ ਹਰੇਕ ਕੰਮ ਜਾਣਦੇ ਜਾਂ ਕਰਦੇ ਸਨ ਲੇਕਿਨ ਆਧੁਨਿਕ ਉਦਯੋਗ ਦੇ ਆਉਣ ਦੇ ਨਾਲ ਇੱਕ ਆਦਮੀ ਇੱਕ ਹੀ ਕੰਮ ਦਾ ਮਾਹਰ ਬਣ ਕੇ ਰਹਿ ਜਾਂਦਾ ਹੈ। ਇਸਦਾ ਨਤੀਜਾ ਇਹ ਨਿਕਲਿਆ ਕਿ ਇੱਕ ਮਜਦੂਰ ਦੂਜੇ ਨਾਲੋਂ ਵੱਖ ਹੋ ਗਿਆ। ਨਾ ਸਿਰਫ ਮਨੁੱਖ ਆਪਣੀ ਮਿਹਨਤ ਦੇ ਫਲ ਤੋਂ ਜੁਦਾ ਹੋ ਜਾਂਦਾ ਹੈ ਸਗੋਂ ਇੱਕ ਦੂਜੇ ਤੋਂ ਵੀ ਵੱਖ ਹੋ ਜਾਂਦਾ ਹੈ।
- (III) ਮਜਦੂਰ ਦੀ ਆਪਣੇ ਆਪ ਤੋਂ, ਉਤਪਾਦਕ ਵਜੋਂ — ਆਪਣੇ ਮਾਨਵੀ ਸਾਰ ਤੋਂ ਬੇਗਾਨਗੀ
ਤੀਜੀ ਗੱਲ ਇਹ ਕਿ ਉਹ ਆਪਣੇ ਆਪ ਤੋਂ ਵੀ ਵੱਖ ਹੋ ਜਾਂਦਾ ਹੈ। ਬਾਜ਼ਾਰ ਵਿੱਚ ਦੋ ਵਿਅਕਤੀ ਆਪਸ ਵਿੱਚ ਦੋ ਆਜਾਦ ਆਦਮੀਆਂ ਦੀ ਤਰ੍ਹਾਂ ਇੱਕ ਦੂਜੇ ਨੂੰ ਨਹੀਂ ਮਿਲਦੇ ਸਗੋਂ ਉਨ੍ਹਾਂ ਦੀ ਇੱਕ ਦੂਜੇ ਨਾਲ ਭੇਂਟ ਖਰੀਦਦਾਰ ਜਾਂ ਵਿਕਰੇਤਾ ਵਜੋਂ ਹੁੰਦੀ ਹੈ। ਖਰੀਦ-ਵੇਚ ਦੇ ਅਮਲ ਵਿੱਚ ਮਨੁੱਖ ਆਪਣਾ ਸਮੁੱਚਾ ਸਮਾਜਕ ਵਜੂਦ ਆਪਣੀਆਂ ਵਸਤਾਂ ਨੂੰ ਸੌਂਪ ਦਿੰਦੇ ਹਨ ਅਤੇ ਆਪਣੇ ਸਾਮਾਨ ਦੇ ਮਾਲਿਕ ਦੀ ਬਜਾਏ ਉਸਦੇ ਟ੍ਰਸਟੀ ਬਣ ਕੇ ਰਹਿ ਜਾਂਦੇ ਹਨ। ਵੇਚਣ ਵਾਲੇ ਦੀ ਹੈਸੀਅਤ ਉਸਦੇ ਕੋਲ ਮੌਜੂਦ ਮਾਲ ਦੀ ਕੀਮਤ ਤੱਕ ਮਹਿਦੂਦ ਰਹਿ ਜਾਂਦੀ ਹੈ ਤਾਂ ਖਰੀਦਣ ਵਾਲੇ ਦੀ ਸਮਾਜਕ ਹੈਸੀਅਤ ਉਸਦੇ ਕੋਲ ਮੌਜੂਦ ਪੂੰਜੀ ਨਾਲ ਤੈਅ ਹੋਣ ਲੱਗਦੀ ਹੈ। ਇਸ ਤਰ੍ਹਾਂ ਮਨੁੱਖ ਦੀ ਸੰਪੂਰਨਤਾ ਦਾ ਵਿਨਾਸ਼ ਹੁੰਦਾ ਹੈ ਅਤੇ ਉਸਦਾ ਖੰਡਿਤ ਵਜੂਦ ਜ਼ਾਹਰ ਹੁੰਦਾ ਹੈ। ਮਾਰਕਸ ਲਈ ਮਨੁੱਖ ਦੀ ਮੁਕਤੀ ਦਾ ਪ੍ਰੋਜੈਕਟ ਇਸ ਜੁਦਾਈ ਦੇ ਅੰਤ ਦੇ ਜਰੀਏ ਮਨੁੱਖ ਦੁਆਰਾ ਆਪਣੇ ਸਾਰ ਨੂੰ ਦੁਬਾਰਾ ਹਾਸਲ ਕਰਨ ਵਿੱਚ ਰਖਿਆ ਹੋਇਆ ਹੈ ਜਿਸਦੇ ਬਾਅਦ ਹੀ ਮਨੁੱਖ ਦਾ ਪੂਰਵ-ਇਤਹਾਸ ਖਤਮ ਹੋਵੇਗਾ ਅਤੇ ਉਹ ਆਪਣਾ ਅਸਲੀ ਇਤਹਾਸ ਸ਼ੁਰੂ ਕਰ ਸਕੇਗਾ।
ਹਵਾਲੇ
[ਸੋਧੋ]- ↑ http://uregina.ca/~gingrich/s3002.htm
- ↑ A Dictionary of Sociology, Article: Alienation